ਬਹਰ: 1222 1222 1222 1222
ਕ਼ਾਫ਼ੀਆ: ਆਰ,
ਦੇ ਪਿੱਛੇ,
ਨਹੀਂ ਮੈਂ ਜਾਣ ਪਾਇਆ ਕੀ ਵਜ੍ਹਾ ਸੀ ਪਿਆਰ ਦੇ ਪਿੱਛੇ।
ਰਹੀ ਤੇ ਕੀ ਵਜ੍ਹਾ ਮੇਰੇ ਤੇ ਤੇਰੇ ਵਾਰ ਦੇ ਪਿੱਛੇ।
ਪਲਾਂ ਵਿੱਚ ਹੀ ਬਦਲ ਜਾਂਦਾ, ਕਰਾਂ ਕਿੱਦਾਂ ਭਰੋਸਾ ਮੈਂ।
ਤੂੰ ਚਾਹੁੰਦਾ ਕੀ ਏਂ ਦੱਸ, ਚਾਹਤ ਤੇਰੀ ਦਰਕਾਰ ਦੇ ਪਿੱਛੇ।
ਨਹੀਂ ਇਨਸਾਨ ਤੂੰ ਐਸਾ, ਜੋ ਐਨਾ ਸੌਖੇ ਮੰਨ ਜਾਵੇਂ।
ਕਿਤੇ ਹੈ ਚਾਲ ਕੋਈ ਤਾਂ ਨਹੀਂ ਇਕਰਾਰ ਦੇ ਪਿੱਛੇ।
ਕੋਈ ਗਲਤੀ ਨਹੀਂ ਕੀਤੀ, ਕਿਵੇਂ ਫਿਰ ਹਾਰਿਆ ਸੀ ਓਹ।
ਪਤਾ ਲੱਭ ਕੇ ਤਾਂ ਵੇਖੋ, ਕੌਣ ਹੈ ਇਸ ਹਾਰ ਦੇ ਪਿੱਛੇ।
ਤੂੰ ਪੜ੍ਹੀਆਂ ਨੇ ਉਹੀ ਖ਼ਬਰਾਂ, ਜੋ ਨੇ ਬਸ ਸਾਹਮਣੇ ਤੇਰੇ ।
ਜ਼ਰਾ ਉਹ ਵੀ ਤੂੰ ਪੜ੍ਹ ਲੈਵੀਂ, ਜੋ ਨੇ ਅਖ਼ਬਾਰ ਦੇ ਪਿੱਛੇ।
ਬਿਆਨ ਮੈਂ ਹੁਸਨ ਉਸਦਾ ਕੀ ਕਰਾਂ ਲੋਕੋ, ਜਰਾ ਵੇਖੋ।
ਕਤਾਰਾਂ ਕਿੰਨੀਆਂ ਲੱਗੀਆਂ ਮੇਰੀ ਸਰਕਾਰ ਦੇ ਪਿੱਛੇ।
ਨਹੀਂ ਤੂੰ ਜਾਣਦਾ ਕਿੰਨੀ ਤੜਪ ਹੁੰਦੀ ਏ ਸੀਨੇ ਵਿੱਚ।
ਮੈਂ ਆਇਆ ਦੌੜਦਾ ਇੱਥੇ ਤੇਰੇ ਦੀਦਾਰ ਦੇ ਪਿੱਛੇ।
ਕਿੱਥੋਂ ਤੱਕ ਭੱਜੇਂਗਾ, ਰੁਕ ਜਾ, ਜ਼ਰਾ ਮੁੜ ਵੇਖ ਪਿੱਛੇ ਵੀ।
ਬਹੁਤ ਤੂੰ ਥੱਕ ਗਿਆ ਏਂ ਹੁਣ, ਨਾ ਭੱਜ ਸੰਸਾਰ ਦੇ ਪਿੱਛੇ।
ਪਿਆ ਪਿੱਛੇ ਜ਼ਮਾਨਾ ਏ, ਖੁਸ਼ੀ ਲੱਭਦਾ ਫਿਰੇ ਹਰਸੂ।
ਨੇ ਕਿੰਨੇ ਦੁੱਖ ਜਮਾਨੇ ਦੇ, ਇਸ ਇਕ ਝੰਕਾਰ ਦੇ ਪਿੱਛੇ।
ਕੀ ਲੱਗਦਾ ਵੇਖ ਕੇ ਚਿਹਰੇ ਨੂੰ ਉਸਦੇ, ਦੱਸੋ ਇਹ ਲੋਕੋ।
ਕਿ ਕਿੰਨੇ ਦੁੱਖ ਜਮਾਨੇ ਦੇ ਨੇ ਇਸ ਝੰਕਾਰ ਦੇ ਪਿੱਛੇ।
ਜੀ ਭਰ ਕੇ ਪਿਆਰ ਆਪਾਂ ਇੱਕ ਦੁਏ ਦੇ ਨਾਲ ਕਰ ਲਈਏ।
ਹੈ ਰੱਖਿਆ ‘ਗੀਤ’ ਕੀ ਦੁਨੀਆ 'ਚ ਇਸ ਤਕਰਾਰ ਦੇ ਪਿੱਛੇ।
9.18am 15 Dec 2025